ਅਧਿਆਪਕ ਦਿਵਸ

 ਅਧਿਆਪਕ ਦਿਵਸ


ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨ ਦੇ ਜਨਮ ਦਿਨ ਦੇ ਮੌਕੇ 'ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਹ ਇੱਕ ਮਹਾਨ ਵਿਦਵਾਨ, ਦਰਸ਼ਨਸ਼ਾਸਤਰੀ ਤੇ ਦੇਸ਼ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਦੀ ਜ਼ਿੰਦਗੀ ਸਿੱਖਿਆ ਪ੍ਰਤੀ ਸਮਰਪਣ ਦੀ ਜੀਵੰਤ ਮਿਸਾਲ ਹੈ।



ਜੇ ਸੰਸਾਰ ਦੇ ਇਤਿਹਾਸ 'ਚ ਝਾਤੀ ਮਾਰ ਕੇ ਵੇਖੀਏ ਤਾਂ ਸਭ ਤੋਂ ਪਹਿਲਾ ਅਧਿਆਪਕ ਸੁਕਰਾਤ ਨੂੰ ਮੰਨਿਆ ਜਾਂਦਾ ਹੈ, ਜਿਸਨੇ ਸੱਚ ਦੀ ਸਿੱਖਿਆ ਦਿੰਦੇ ਹੋਏ ਜ਼ਹਿਰ ਦਾ ਪਿਆਲਾ ਸਵੀਕਾਰ ਕਰ ਲਿਆ ਪਰ ਆਪਣੇ ਅਸੂਲਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। ਭਾਰਤ ਵਿੱਚ ਔਰਤਾਂ ਲਈ ਸਿੱਖਿਆ ਦਾ ਦਰਵਾਜ਼ਾ ਖੋਲ੍ਹਣ ਵਾਲੀ ਪਹਿਲੀ ਮਹਿਲਾ ਅਧਿਆਪਕ *ਸਵਿੱਤਰੀਬਾਈ ਫੂਲੇ* ਸੀ। ਉਸਨੇ ਸਮਾਜਕ ਵਿਰੋਧ ਦੇ ਬਾਵਜੂਦ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਦਵਾਇਆ। ਦੁਨੀਆ ਭਰ ਵਿੱਚ ਹੈਲਨ ਕੇਲਰ ਅਤੇ ਉਸ ਦੀ ਅਧਿਆਪਕਾ ਐਨੀ ਸੁਲੀਵਾਨ ਦਾ ਰਿਸ਼ਤਾ ਵੀ ਅਧਿਆਪਕ ਦੀ ਮਹੱਤਾ ਨੂੰ ਦਰਸਾਉਂਦਾ ਹੈ—ਕਿਵੇਂ ਧੀਰਜ, ਪਿਆਰ ਅਤੇ ਮਿਹਨਤ ਨਾਲ ਇਕ ਨੇਤਰਹੀਣ ਤੇ ਗੂੰਗੀ ਬੱਚੀ ਮਹਾਨ ਲੇਖਕਾ ਬਣ ਸਕਦੀ ਹੈ।


ਅੱਜ ਦਾ ਅਧਿਆਪਕ ਪੁਰਾਣੇ ਸਮਿਆਂ ਵਾਲੇ "ਗੁਰੂ" ਤੋਂ ਕੁਝ ਵੱਖਰੀ ਸਥਿਤੀ ਵਿੱਚ ਹੈ। ਕੁਝ ਲੋਕ ਮੁਨਾਫੇ ਅਤੇ ਵਪਾਰਕ ਸੋਚ ਨਾਲ ਸਿੱਖਿਆ ਨੂੰ ਸੌਦੇਬਾਜ਼ੀ ਬਣਾਉਂਦੇ ਹਨ, ਪਰ ਬਹੁਤ ਸਾਰੇ ਅਧਿਆਪਕ ਅਜੇ ਵੀ ਬੱਚਿਆਂ ਨੂੰ ਆਪਣੇ ਹੀ ਬੱਚਿਆਂ ਵਾਂਗ ਸਮਝਦੇ ਹਨ। ਉਹ ਗਰੀਬ ਵਿਦਿਆਰਥੀਆਂ ਦੀ ਫੀਸ ਭਰਦੇ, ਕਿਤਾਬਾਂ ਖਰੀਦ ਕੇ ਦਿੰਦੇ ਅਤੇ ਪੜ੍ਹਾਈ ਵਿਚ ਹੌਸਲਾ ਬਣਦੇ ਹਨ। ਕਿਸੇ ਵੀ ਵਿਅਕਤੀ ਦੀ ਸਫਲਤਾ ਪਿੱਛੇ ਉਸਦੇ ਚੰਗੇ ਅਧਿਆਪਕ ਦੀ ਰਾਹਨੁਮਾਈ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ।


ਮਾਂ-ਪਿਉ ਤੋਂ ਬਾਅਦ ਬੱਚਿਆਂ ਦੀ ਸੋਚ ਤੇ ਸਭ ਤੋਂ ਗਹਿਰਾ ਅਸਰ ਅਧਿਆਪਕ ਦਾ ਹੁੰਦਾ ਹੈ। ਇਸ ਕਰਕੇ ਹੀ ਹਰ ਸਾਲ 5 ਸਤੰਬਰ ਨੂੰ ਕਾਬਿਲ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ 'ਤੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇਕ ਹੋਰ ਹਕੀਕਤ ਇਹ ਵੀ ਹੈ ਕਿ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਗੈਰ-ਵਿਦਿਅਕ ਕੰਮਾਂ ਜਿਵੇਂ ਸਰਵੇਖਣ, ਚੋਣਾਂ, ਰਿਪੋਰਟਾਂ ਤੇ ਹੋਰ ਜ਼ਿੰਮੇਵਾਰੀਆਂ ਵਿੱਚ ਫਸਾ ਦਿੱਤਾ ਜਾਂਦਾ ਹੈ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।


ਸਰਕਾਰਾਂ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਵਰਗ ਬਣਾਉਣ—ਜਿਵੇਂ ਸਰਵਿਸ ਪਰੋਵਾਈਡਰ, ਸਿੱਖਿਆ ਸੇਵਾਦਾਰ, ਟੀਚਿੰਗ ਫੈਲੋ ਆਦਿ—ਤਨਖਾਹ ਤੇ ਦਰਜੇ ਵਿਚ ਵੱਖਰੇਪਣ ਪੈਦਾ ਕਰ ਦਿੱਤਾ ਹੈ। ਇਹ ਵੀ ਅਧਿਆਪਕਾਂ ਵਿੱਚ ਅਸਮਾਨਤਾ ਪੈਦਾ ਕਰਦਾ ਹੈ।


ਅਸਲ ਵਿੱਚ, ਅਧਿਆਪਕ ਦਾ ਕੰਮ ਸਿਰਫ ਕਿਤਾਬਾਂ ਦਾ ਗਿਆਨ ਦੇਣਾ ਨਹੀਂ ਹੈ। ਉਹਨਾਂ ਨੂੰ ਬੱਚਿਆਂ ਨੂੰ ਨੈਤਿਕ ਮੁੱਲ, ਇਤਿਹਾਸਕ ਸਮਝ, ਸਮਾਜਿਕ ਤੇ ਆਰਥਿਕ ਹਾਲਾਤਾਂ ਦੀ ਜਾਣਕਾਰੀ ਵੀ ਦੇਣੀ ਚਾਹੀਦੀ ਹੈ। ਇਹ ਤਦੋਂ ਹੀ ਸੰਭਵ ਹੈ ਜਦੋਂ ਅਧਿਆਪਕ ਖੁਦ ਵੀ ਨਵੇਂ ਸਾਹਿਤ, ਸਮਕਾਲੀ ਘਟਨਾਵਾਂ ਤੇ ਮੀਡੀਆ ਨਾਲ ਜੁੜੇ ਰਹਿਣ।


ਸਾਨੂੰ ਚਾਹੀਦਾ ਹੈ ਕਿ ਅਧਿਆਪਕਾਂ ਦੀਆਂ ਅਸਲੀ ਮੰਗਾਂ ਮੰਨੀਆਂ ਜਾਣ ਅਤੇ ਉਨ੍ਹਾਂ ਨੂੰ ਉਹ ਮਾਣ-ਸਤਿਕਾਰ ਦਿੱਤਾ ਜਾਵੇ ਜੋ ਉਹ ਹੱਕਦਾਰ ਹਨ। ਕਿਉਂਕਿ ਇੱਕ ਸੁਹਿਰਦ ਅਧਿਆਪਕ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਦਾ ਰਾਹ-ਦਰਸ਼ਨ ਕਰਨ ਦੀ ਤਾਕਤ ਰੱਖਦਾ ਹੈ।


ਬਲਵਿੰਦਰ ਸਿੰਘ 


Comments

Contact Form

Name

Email *

Message *