9 ਮਈ 1945 – ਫਾਸੀਵਾਦ ਖ਼ਿਲਾਫ਼ ਜਿੱਤ ਦਾ ਇਤਿਹਾਸਕ ਦਿਨ
9 ਮਈ 1945 – ਫਾਸੀਵਾਦ ਖ਼ਿਲਾਫ਼ ਜਿੱਤ ਦਾ ਇਤਿਹਾਸਕ ਦਿਨ
9 ਮਈ 1945 ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਐਸਾ ਦਿਨ ਹੈ ਜੋ ਸਦੀ ਦਰ ਸਦੀ ਯਾਦ ਰੱਖਿਆ ਜਾਵੇਗਾ। ਇਹ ਉਹ ਦਿਨ ਸੀ ਜਦੋਂ ਦੂਜੀ ਸੰਸਾਰ ਜੰਗ ਦਾ ਅੰਤ ਹੋਇਆ ਅਤੇ ਹਿਟਲਰ ਦੀ ਫਾਸੀਵਾਦੀ ਤਾਕਤ ਨੇ ਆਖ਼ਰਕਾਰ ਗੋਡੇ ਟੇਕ ਦਿੱਤੇ। ਇਹ ਦਿਹਾੜਾ ਵਿਸ਼ਵ ਵਿਆਪੀ ਫਾਸੀਵਾਦ ਵਿਰੋਧੀ ਲੜਾਈ ਦੀ ਜਿੱਤ, ਮਨੁੱਖੀ ਹੌਂਸਲੇ ਅਤੇ ਸਮੂਹਕ ਬਲੀਦਾਨ ਦੀ ਮੂਰਤੀ ਬਣ ਕੇ ਸਾਡੀ ਯਾਦ ਵਿੱਚ ਅੱਜ ਵੀ ਤਾਜ਼ਾ ਹੈ।
ਅਕਸਰ ਪੱਛਮੀ ਮੀਡੀਆ ਅਤੇ ਫਿਲਮਾਂ ਵਿੱਚ ਇਹ ਤਸਵੀਰ ਪੇਸ਼ ਕੀਤੀ ਜਾਂਦੀ ਹੈ ਕਿ ਦੂਜੀ ਜੰਗ ਅਮਰੀਕਾ ਨੇ ਜਿੱਤੀ — ਜਪਾਨ ਉੱਤੇ ਐਟਮ ਬੰਬ ਸੁੱਟਣ ਨਾਲ। ਪਰ ਇਹ ਅਰਧ-ਸੱਚਾਈ ਹੈ। ਹਕੀਕਤ ਇਹ ਹੈ ਕਿ ਨਾਜੀ ਜਰਮਨੀ ਦੇ ਖ਼ਿਲਾਫ਼ ਜੰਗ ਵਿੱਚ ਇਤਿਹਾਦੀ ਫੌਜਾਂ ਵਿੱਚੋਂ 80 ਫੀਸਦੀ ਤੱਕ ਜਾਨਾਂ ਦੀ ਕੁਰਬਾਨੀ ਸਿਰਫ਼ ਸੋਵੀਅਤ ਯੂਨੀਅਨ ਦੀ ਲਾਲ ਫੌਜ ਨੇ ਦਿੱਤੀ ਸੀ।
ਸੋਵੀਅਤ ਯੂਨੀਅਨ ਦੀ ਅਦਿੱਤ ਕੁਰਬਾਨੀ
ਸੋਵੀਅਤ ਯੂਨੀਅਨ ਨੇ ਲਗਭਗ 2.6 ਕਰੋੜ ਲੋਕਾਂ ਦੀ ਕੁਰਬਾਨੀ ਦੇ ਕੇ ਇਹ ਜੰਗ ਜਿਤੀ। ਇਹ ਗਿਣਤੀ ਅਮਰੀਕਾ, ਬ੍ਰਿਟੇਨ, ਫਰਾਂਸ ਆਦਿ ਸਾਰੀ ਇਤਿਹਾਦੀ ਤਾਕਤਾਂ ਦੀ ਕੁੱਲ ਮੁਕਾਬਲੇ ਵੀ ਕਈ ਗੁਣਾ ਵੱਧ ਸੀ। ਸਤਾਲਿਨਗਰਾਦ, ਲੈਨਿਨਗਰਾਦ ਅਤੇ ਮਾਸਕੋ ਦੀ ਲੜਾਈਆਂ ਅਜਿਹੀਆਂ ਥਾਵਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਰ ਰੋਜ਼ ਮਾਰੇ ਜਾਂਦੇ, ਪਰ ਪਿੱਠ ਨਹੀਂ ਮੋੜਦੇ। ਲਾਲ ਫੌਜ ਦੀ ਦਲੇਰੀ ਅਤੇ ਸੋਵੀਅਤ ਆਮ ਲੋਕਾਂ ਦੀ ਜੂਝਾਰੂ ਰੂਹ ਨੇ ਨਾਜੀ ਫੌਜਾਂ ਨੂੰ ਪਿਛੇ ਹਟਣ ਤੇ ਮਜਬੂਰ ਕਰ ਦਿੱਤਾ।
ਸਮਾਜਵਾਦ ਦੀ ਤਾਕਤ
ਇਹ ਜਿੱਤ ਕੇਵਲ ਲੜਾਕੂ ਅਦਾਕਾਰੀ ਨਹੀਂ ਸੀ, ਇਹ ਸਮਾਜਵਾਦੀ ਜਥੇਬੰਦ ਵਿਧੀ ਦੀ ਜਿੱਤ ਸੀ। ਇੰਨੀ ਵੱਡੀ ਜਾਨੀ ਤੇ ਆਰਥਿਕ ਤਬਾਹੀ ਤੋਂ ਬਾਅਦ ਵੀ, ਸੋਵੀਅਤ ਯੂਨੀਅਨ ਨੇ ਸਿਰਫ ਪੰਜ ਸਾਲਾਂ ਵਿੱਚ ਦੁਬਾਰਾ ਆਪਣੀ ਅਰਥਵਿਵਸਥਾ ਖੜੀ ਕਰ ਲਈ ਅਤੇ ਵਿਸ਼ਵ ਦੀ ਮਹਾਂਤਮ ਤਾਕਤ ਵਜੋਂ ਉਭਰਿਆ। ਇਸ ਨੇ ਸਿੱਧ ਕਰ ਦਿੱਤਾ ਕਿ ਜਦੋਂ ਲੋਕ ਇਕੱਠੇ ਹੋ ਕੇ, ਸਾਂਝੀ ਜ਼ਿੰਮੇਵਾਰੀ ਅਤੇ ਸਮੂਹਕ ਹਿਤ ਲਈ ਕੰਮ ਕਰਦੇ ਹਨ ਤਾਂ ਉਹ ਕਿਵੇਂ ਅਸੰਭਵ ਨੂੰ ਸੰਭਵ ਬਣਾਉਂਦੇ ਹਨ।
ਸਦਾ ਯਾਦ ਰਹਿਣ ਵਾਲੇ ਨਾਇਕ
ਇਹ ਜਿੱਤ ਸਿਰਫ ਜਨਰਲਾਂ ਜਾਂ ਨੇਤਾਵਾਂ ਦੀ ਨਹੀਂ ਸੀ — ਇਹ ਹਰ ਇਕ ਲਾਲ ਫੌਜੀ, ਹਰ ਇਕ ਛਾਪਾਮਾਰ ਯੋਧਾ ਅਤੇ ਹਰ ਆਮ ਨਾਗਰਿਕ ਦੀ ਸੀ ਜਿਸ ਨੇ ਫਾਸੀਵਾਦ ਦੇ ਅੱਗੇ ਸੀਨਾ ਤਾਨਿਆ। ਅੱਜ ਜਦੋਂ ਅਸੀਂ 9 ਮਈ ਨੂੰ ਯਾਦ ਕਰਦੇ ਹਾਂ, ਅਸੀਂ ਨਾ ਸਿਰਫ਼ ਇੱਕ ਜਿੱਤ ਦੀ ਯਾਦ ਕਰਦੇ ਹਾਂ, ਸਗੋਂ ਉਸ ਫਿਕਰ ਨੂੰ ਵੀ ਮਨਾਉਂਦੇ ਹਾਂ ਜੋ ਮਨੁੱਖੀ ਅਜ਼ਾਦੀ, ਸਾਂਝੀ ਇਨਸਾਨੀਅਤ ਅਤੇ ਜ਼ੁਲਮ ਖ਼ਿਲਾਫ਼ ਇੱਕਤਾ ਦਾ ਸੰਦੇਸ਼ ਦਿੰਦੀ ਹੈ।
ਜਿੱਤ ਦੀ ਇਸ 80ਵੀਂ ਵਰ੍ਹੇਗੰਢ 'ਤੇ, ਚਲੋ ਅਸੀਂ ਉਹਨਾਂ ਸੂਰਮਿਆਂ ਨੂੰ ਸਿਰ ਨਿਵਾਈਏ ਜਿਨ੍ਹਾਂ ਦੀ ਕੁਰਬਾਨੀ ਕਾਰਨ ਅਸੀਂ ਅੱਜ ਆਜ਼ਾਦ, ਗੌਰਵਸ਼ਾਲੀ ਤੇ ਸੁਤੰਤਰ ਜੀਵਨ ਜੀ ਰਹੇ ਹਾਂ।
ਬਲਵਿੰਦਰ ਸਿੰਘ
baginotes.blogspot.com
baginotes@gmail.com
Comments
Post a Comment