ਕੇਸ ਰਿਪੋਰਟ ਫੌਜੀ ਦੀ ਰੂਹ ਦਾ ਛੁੱਟੀ ਆਉਣਾ
ਕੇਸ ਰਿਪੋਰਟ ਫੌਜੀ ਦੀ ਰੂਹ ਦਾ ਛੁੱਟੀ ਆਉਣਾ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਅਨੇਕਾਂ ਹੱਲ ਕੀਤੇ ਕੇਸਾਂ ਵਿੱਚ ਹਰਭਜਨ ਸਿੰਘ ਫੌਜੀ ਦੀ ਰੂਹ ਦਾ 1999 ਵਿੱਚ ਕੀਤੇ ਕੇਸ ਦੀ ਪੜਤਾਲ ਵਾਲਾ ਕੇਸ ਇਕ ਇਤਿਹਾਸ ਦਾ ਵਰਕਾ ਬਣ ਚੁੱਕਾ ਹੈ, ਪੜਦਾਫਾਸ਼ ਕਰਨ ਦੇ ਬਾਵਜੂਦ 2007 ਤੱਕ ਪਿਰੰਟ ਤੇ ਇਲੈਕਟ੍ਰੋਨਿਕ ਮੀਡੀਏ ਵੱਲੋਂ ਅੰਧਵਿਸਵਾਸ਼ੀ ਪ੍ਰਚਾਰ ਕੀਤਾ ਜਾਂਦਾ ਰਿਹਾ,ਚੈਨਲਾਂ ਤੇ ਅਖਬਾਰਾਂ ਵਿੱਚ ਮਸਾਲੇ ਲਾ ਕੇ ਖਬਰਾਂ ਤੇ ਅਖੌਤੀ ਰੂਹ ਦੇ ਦਰਸ਼ਨ ਕਰਾਏ ਜਾਂਦੇ ਰਹੇ।ਆਖਰੀ ਵਾਰ 2007 ਚ ਤਰਕਸ਼ੀਲਾਂ ਤੇ ਹੋਰ ਜਥੇਬੰਦੀਆਂ ਦੇ ਤਰਕਪੂਰਣ ਵਿਰੋਧ ਕਾਰਣ ਫੌਜੀ ਅਧਿਕਾਰੀਆਂ ਨੂੰ ਆਪਣੀ ਹਾਰ ਮੰਨ ਕੇ ਇਹ ਛੁੱਟੀ ਦਾ ਡਰਾਮਾ ਬੰਦ ਕਰਨਾ ਪਿਆ।1998 ਦੇ ਲਗਭਗ ਹਰ ਸਾਲ 15 ਸਤੰਬਰ ਤੋਂ 15 ਨਵੰਬਰ ਤਕ ਦੋ ਮਹੀਨੇ ਦੀ ਛੁੱਟੀ ਕੱਟਣ ਉਪਰੰਤ ਇਸ ਵਾਰ10 ਨਵੰਬਰ ਨੂੰ ਵਾਪਸੀ ਲਈ ਫੌਜੀ ਦੀ ਰੂਹ ਨੂੰ ਫੌਜੀ ਅਧਿਕਾਰੀਆਂ ਵੱਲੋਂ ਲਿਜਾਣ ਦਾ ਪਤਾ ਲੱਗਣ ਤੇ ਤਰਕਸ਼ੀਲ ਇਕਾਈ ਚੋਹਲਾ ਸਾਹਿਬ ਦੀ ਟੀਮ ਪੜਤਾਲ ਕਰਨ ਲਈ ਜਿਸ ਵਿੱਚ ਮਾ ਬਲਬੀਰ ਸਿੰਘ ਪਰਵਾਨਾ,ਮਾ ਬਲਬੀਰ ਸਿੰਘ ਡੀ ਐਮ, ਮੁਖਵਿੰਦਰ ਸਿੰਘ ਚੋਹਲਾ, ਮਾ ਜਸਮੇਲ ਸਿੰਘ, ਕਪੂਰਥਲਾ ਦੇ ਸਰਗਰਮ ਆਗੂ ਤੇਜ ਪਾਲ ਸਿੰਘ ਆਦਿ ਸਾਥੀ ਸ਼ਾਮਲ ਸਨ ਕਪੂਰਥਲਾ ਨੇੜਲੇ ਫੌਜੀ ਦੇ ਪਿੰਡ ਕੂਕਾ ਪਹੁੰਚੀ।ਘਰ ਵਿੱਚ ਉਸ ਅਖੌਤੀ ਰੂਹ ਭਾਵ ਬਾਬਾ ਜੀ ਲਈ ਵੱਖਰੀ ਬੈਠਕ, ਵਰਦੀਆਂ,ਬੂਟ,ਚਪਲਾਂ, ਨਾਈਟ ਸੂਟ ਆਦਿ ਦਾ ਪੂਰਾ ਪ੍ਰਬੰਧ ਸੀ। ਸਾਦੇ ਕੱਪੜਿਆਂ ਵਿੱਚ ਦੋ ਫੌਜੀ ਟਾਟਾ ਸੂਮੋ ਗੱਡੀ ਵਿੱਚ ਉਸਨੂੰ ਲੈਣ ਆਏ ਸਨ।ਗੱਡੀ ਵਿੱਚ ਸਾਰਾ ਸਮਾਨ ਰੱਖਣ ਦੇ ਬਾਅਦ ਮਰਹੂਮ(ਮਰੇ ਹੋਏ ) ਫੌਜੀ ਦੀ ਭਰਜਾਈ ਨੇ ਡਰਾਇਵਰ ਦੇ ਨਾਲ ਵਾਲੀ ਸੀਟ ਤੇ ਚਿੱਟਾ ਕੱਪੜਾ ਵਿਛਾ ਕੇ ਧੂਫ ਦਿੱਤੀ ਤੇ ਰੂਹ ਦੇ ਸੀਟ ਉਪਰ ਬੈਠਣ ਦਾ ਐਲਾਨ ਕੀਤਾ।ਵੇਖਿਆ ਗਿਆ ਕਿ ਸੀਟ ਵਾਲੀ ਥਾਂ ਉਸਦੇ ਵਜ਼ਨ ਨਾਲ ਹੇਠਾਂ ਵੱਲ ਲਿਫੀ ਨਹੀਂ ਸੀ ਤੇ ਨਾ ਹੀ ਆਪਣੇ ਆਪ ਹੀ ਬਾਰੀ ਬੰਦ ਹੋਈ, ਜਦੋਂ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਰੂਹ ਦੇ ਬੈਠਣ ਨਾਲ ਸੀਟ ਹੇਠਾਂ ਲਿਫ ਜਾਂਦੀ ਹੈ ਤੇ ਬਾਰੀ ਆਪਣੇ ਆਪ ਬੰਦ ਹੋ ਜਾਂਦੀ ਹੈ।ਨੌਜਵਾਨ ਹਰਭਜਨ ਸਿੰਘ ਪਿੰਡ ਕੂਕਾ ਨੇੜੇ ਕਪੂਰਥਲਾ 9-2-1966 ਨੂੰ ਪੰਜਾਬ ਰੈਜਮੈਂਟ ਵਿਚ ਭਰਤੀ ਹੋਇਆ ਤੇ ਬਾਅਦ 'ਚ 23 ਪੰਜਾਬ ਰੈਜਮੈਂਟ ਚ ਚਲਾ ਗਿਆ।4-10-1968 ਨੂੰ ਭਾਰਤ ਚੀਨ ਬਾਰਡਰ ਤੇ ਖੱਚਰਾਂ ਤੇ ਸਮਾਨ ਲਿਜਾ ਰਹੀ ਟੋਲੀ ਦੇ ਬਰਫਾਂ ਹੇਠ ਆਉਣ ਤੇ ਉਸਦੀ ਮੌਤ ਹੋ ਗਈ।ਮੌਤ ਸਮੇਂ ਉਸਦੀ ਮੰਗਣੀ ਹੋ ਚੁੱਕੀ ਸੀ ਜੋ ਬਾਅਦ ਵਿਚ ਉਸਦੀ ਮੰਗੇਤਰ ਬੀਬੀ ਸਤਿਆ ਕੌਰ ਛੋਟੇ ਭਰਾ ਰਤਨ ਸਿੰਘ ਨਾਲ ਵਿਆਹੀ ਗਈ।ਉਸਦੀ ਮਾਤਾ ਅਮਰ ਕੌਰ ਤੇ ਭਰਾ ਭਰਜਾਈ ਸ਼ਰਧਾ ਵੱਸ ਅਨੇਕਾਂ ਕਹਾਣੀਆਂ ਉਸ ਬਾਰੇ ਸੁਨਾਉਣ ਲੱਗੇ।ਉਨਾਂ ਅਨੁਸਾਰ ਫੌਜੀ ਦੀ ਰੂਹ ਆਪਣੀ ਡਿਉਟੀ ਦੀ ਥਾਂ ਪੂਰੀ ਹੁਸ਼ਿਆਰੀ ਨਾਲ ਗਸ਼ਤ ਕਰਦੀ ਹੈ ਤੇ ਇਕ ਵਾਰ ਤਾਂ ਚੀਨੀ ਫੌਜ ਨੇ ਭਾਰਤੀ ਅਫਸਰਾਂ ਕੋਲ ਸ਼ਿਕਾਇਤ ਕੀਤੀ ਕਿ ਫੌਜੀ ਜਵਾਨ ਨੂੰ ਸਮਝਾ ਲੈਣ ਕਿਉਕਿ ਉਹ ਵੇਲੇ ਕੁਵੇਲੇ ਗਸ਼ਤ ਕਰਦਾ ਹੈ।ਰੂਹ ਨੂੰ ਪਤਾ ਲੱਗਣ ਤੇ ਉਸਨੇ ਚੈਲਿੰਜ ਕੀਤਾ ਕਿ ਜੇ ਚੀਨੀ ਫੌਜ ਫੜ ਸਕਦੀ ਹੈ ਤਾਂ ਫੜ ਲਵੇ।ਸਰਹੱਦੀ ਫੌਜਾਂ ਦੀਆਂ ਮੀਟਿੰਗਾਂ ਵਿੱਚ ਉਸਦੀ ਰੂਹ ਨੂੰ ਵਿਸ਼ੇਸ ਸਨਮਾਨ ਨਾਲ ਬਿਠਾਇਆ ਜਾਂਦਾ ਹੈ।ਉਥੇ ਉਸਦੀ ਸਮਾਧ ਬਣੀ ਹੈ ਜਿਥੇ ਪੂਜਾ ਕੀਤੀ ਜਾਂਦੀ ਹੈ।31ਸਾਲ ਪਹਿਲਾਂ ਮਰੇ ਫੌਜੀ ਦੀ ਰੂਹ ਨੂੰ ਫੌਜੀ ਜਵਾਨ ਰੁਟੀਨ ਅਨੁਸਾਰ ਹਰ ਵਰੇ ਦੋ ਮਹੀਨੇ ਦੀ ਛੁਟੀ ਕਟਣ ਪਿੰਡ ਲੈ ਕੇ ਆਉਂਦੇ ਹਨ।ਇਥੋਂ ਤੱਕ ਕਿ ਰੂਹ ਨੂੰ ਤਰੱਕੀਆਂ ਦੇ ਕੇ ਸਰਕਾਰ ਨੇ ਆਨਰੇਰੀ ਕੈਪਟਨ ਬਣਾ ਦਿਤਾ।ਫੌਜੀ ਜਵਾਨਾਂ ਦਾ ਕਥਿਤ ਰੂਹ ਨੂੰ ਛੱਡ ਕੇ ਜਾਂ ਲੈ ਕੇ ਜਾਣਾ ਦੇਸ਼ ਦੀ ਰੱਖਿਆ ਨੀਤੀ ਦਾ ਮਜ਼ਾਕ ਉਡਾਉਦਾ ਹੈ।ਤਰਕਸ਼ੀਲ ਜਥੇਬੰਦੀਆਂ ਨੇ ਜਨਤਕ ਫੰਡਾਂ ਦੀ ਗਲਤ ਵਰਤੋਂ ਤੇ ਲੋਕਾਂ ਨੂੰ ਵਹਿਮਾਂ 'ਚ ਪਾਉਣ ਵਿਰੁਧ ਅਦਾਲਤ ਵਿੱਚ ਡਿਫੈਂਸ ਮਨਿਸਟਰੀ ਖਿਲਾਫ ਅੰਧਵਿਸ਼ਵਾਸ ਫੈਲਾਉਣ ਦੇ ਸਬੰਧ ਵਿੱਚ ਸੂਬੇਦਾਰ ਪਿਆਰਾ ਸਿੰਘ ਵੱਲੋਂ ਜਨਤਕ ਹਿਤ ਪਟੀਸ਼ਨ ਦਾਖਲ ਹੋਣ ਤੇ ਡਰਾਮਾ ਬੰਦ ਕਰਨਾ ਪਿਆ।(ਇਹ ਰਿਪੋਰਟ ਤਰਕਸ਼ੀਲ ਮੈਗਜ਼ੀਨ ਤੇ ਹੋਰ ਕਿਤਾਬਾਂ ਵਿੱਚ ਵੀ ਉਸ ਸਮੇਂ ਛਪੀ ਸੀ।)
Comments
Post a Comment