# ਮੂਰਖ ਬੇਵਕਤੀ ਚੀਖ਼ ਮਾਰਕੇ ਸਭ ਨੂੰ ਹੈਰਾਨ ਕਰਦਾ ਹੈ ਤੇ ਸਿਆਣਾ ਬੰਦਾ ਸਮੇਂ ਸਿਰ ਸਿਆਣੀ ਗੱਲ ਕਰਕੇ।
# ਸਿਉਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।
# ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਅੱਧੀ ਜਿੰਦਗੀ ਤੁਹਾਡੀ ਅਸਫ਼ਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।
# ਖੰਜਰ ਲਈ ਸਭ ਤੋਂ ਜ਼ਿਆਦਾ ਭਰੋਸੇ ਦੀ ਥਾਂ ਮਿਆਨ ਹੈ, ਅੱਗ ਲਈ ਚੁੱਲ੍ਹਾ ਅਤੇ ਮਰਦ ਲਈ ਘਰ |
# ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗਦੇ ਹਨ ਪਰ ਆਦਮੀ ਨੂੰ ਜ਼ੁਬਾਨ ਸੰਭਾਲਣੀ ਸਿੱਖਣ ਲਈ 60 ਸਾਲ ਲੱਗ ਜਾਂਦੇ ਹਨ।
# ਮੇਰੇ ਲਈ ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਤਾਰੇ ਇੱਕ ਵੱਡੇ ਸਿਤਾਰੇ ਵਿੱਚ ਮਿਲ ਕੇ ਇੱਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਆਕਾਸ਼ ਵਿੱਚ ਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
# ਅਜਿਹੇ ਲੋਕ ਬੱਤਖਾਂ ਵਾਂਗ ਹਨ, ਜਿਹੜੀਆਂ ਤਰਨ ਤੋਂ ਇਲਾਵਾ ਟੁੱਭੀ ਲਾ ਸਕਦੀਆਂ ਹਨ[ ਪਰ ਮੱਛੀਆਂ ਵਾਂਗ ਨਹੀਂ; ਉਹ ਜ਼ਰਾ ਕੁ ਉੱਡ ਸਕਦੇ ਹਨ, ਪਰ ਅਜ਼ਾਦ ਪੰਖੇਰੂਆਂ ਵਾਂਗ ਨਹੀਂ; ਉਹ ਜ਼ਰਾ ਕੁ ਗਾ ਵੀ ਸਕਦੇ ਹਨ, ਪਰ ਕੋਇਲ ਵਾਂਗ ਨਹੀਂ। ਮਤਲਬ ਕਿ ਉਹ ਕੋਈ ਵੀ ਕੰਮ ਉਸ ਤਰ੍ਹਾਂ ਕਰਨ ਤੋਂ ਅਸਮਰੱਥ ਹੁੰਦੇ ਹਨ, ਜਿਸ ਤਰ੍ਹਾਂ ਉਹ ਕੀਤੇ ਜਾਣੇ ਚਾਹੀਦੇ ਹਨ।
# ਸਭ ਤੋਂ ਚੰਗਾ ਸ਼ਿਕਾਰ ਉਹ ਹੁੰਦਾ ਹੈ ਜੋ ਤੁਸੀਂ ਫੜ ਨਹੀਂ ਸਕੇ, ਸਭ ਤੋਂ ਅਦਭੁਤ ਔਰਤ ਉਹ ਹੁੰਦੀ ਹੈ ਜੋ ਤੁਹਾਨੂੰ ਛੱਡ ਗਈ, ਸਭ ਤੋਂ ਚੰਗੀ ਕਵਿਤਾ ਉਹ ਹੁੰਦੀ ਹੈ ਜੋ ਤੁਸੀਂ ਲਿਖ ਨਹੀਂ ਸਕੇ।
# ਹੀਰਾ ਸ਼ਿੰਗਾਰ ਵਿੱਚ ਤੇ ਬੰਦਾ ਪਰਿਵਾਰ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ।
# ਜੇ ਤੁਸੀਂ ਬੀਤੇ 'ਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ !
# ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।
# ਖ਼ੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜ਼ਰੂਰਤ ਹੈ।
# ਆਪਣੀ ਮਾਂ-ਬੋਲੀ ਨੂੰ ਗ਼ਰੀਬ ਤੇ ਮਾਮੂਲੀ ਸਮਝਣ ਵਾਲੇ ਲੋਕ ਦਰਅਸਲ ਹੀਣ-ਭਾਵਨਾ ਦੇ ਸ਼ਿਕਾਰ ਹੁੰਦੇ ਹਨ।
# ਹਥਿਆਰ , ਜਿਨ੍ਹਾਂ ਦੀ ਇਕ ਵਾਰੀ ਹੀ ਲੋੜ ਪਵੇਗੀ ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ।
ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਏਗੀ, ਇਕ ਵਾਰੀ ਵਿਚ ਲਿਖੀ ਜਾਂਦੀ ਏ।
# ਧਰਤੀ 'ਤੇ ਲੱਖਾਂ ਹੀ ਰਵਾਇਤਾਂ ਨੇ। ਇਕ ਰਵਾਇਤ ਤੋਂ ਦੂਜੀ ਵਿੱਚ ਦਖਲ ਕਰਦੇ ਹੀ ਬੋਲੀ, ਸਭਿਅਤਾ, ਖਾਣ-ਪੀਣ, ਸਾਹਿਤ ਦੇ ਨਾਲ ਨਾਲ ਦਿੱਤੀਆਂ ਜਾਂਦੀਆਂ ਬਦਅਸੀਸਾਂ ਵੀ ਬਦਲ ਜਾਂਦੀਆਂ ਹਨ।
ਰਸੂਲ ਦੇ ਦਾਗਿਸਤਾਨ ’ਚ ਸਭ ਤੋਂ ਭੈੜੀਆਂ ਮੰਨੀਆਂ ਜਾਂਦੀਆਂ ਬਦਅਸੀਸਾਂ ਹਨ ਜਿਵੇਂ ਕਿ “ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ", ਜਾਂ ਫਿਰ; “ਰੱਬ ਕਰੇ ਤੇਰੇ ਬੱਚੇ ਉਸ ਬੋਲੀ ਤੋਂ ਵਾਝੇਂ ਰਹਿਣ, ਜਿਹੜੀ ਉਹਨਾਂ ਦੀ ਮਾਂ ਬੋਲਦੀ ਹੈ"
ਮੇਰਾ ਦਾਗਿਸਤਾਨ ਵਿੱਚ ਇਹਨਾਂ ਬਦਅਸੀਸਾਂ ਦਾ ਜ਼ਿਕਰ ਕਿਉਂ ਹੋਇਆ?
ਦਰਅਸਲ , ਫ੍ਰਾਂਸ ਵਿੱਚ ਰਸੂਲ ਦੀ ਮੁਲਾਕਾਤ ਇਕ ਅਵਾਰ ("ਅਵਾਰ" , ਦਾਗਿਸਤਾਨ ਵਿੱਚ ਰਹਿਣ ਵਾਲੀ ਇੱਕ ਕੌਮ) ਚਿਤਰਕਾਰ ਨਾਲ ਹੋਈ, ਤੇ ਦੋਵਾਂ ਵਿਚਕਾਰ ਕੁਝ ਘੰਟਿਆਂ ਦੀ ਵਾਰਤਾਲਾਪ ਵੀ ਹੋਈ। ਜਦ ਫ੍ਰਾਂਸ ਤੋਂ ਮੁੜ ਰਸੂਲ ਦਾਗਿਸਤਾਨ ਵਾਪਿਸ ਆਇਆ ਤਾਂ ਚਿਤਰਕਾਰ ਦੀ ਮਾਂ ਨੂੰ ਮਿਲਿਆ ਤੇ ਦੱਸਿਆ ਕਿ ਉਹ ਉਸ ਦੇ ਪੁੱਤਰ ਨੂੰ ਫ੍ਰਾਂਸ ਵਿੱਚ ਮਿਲਿਆ ਸੀ। ਇਹ ਸੁਣ ਮਾਂ ਬਹੁਤ ਖੁਸ਼ ਹੋਈ ਕਿ ਉਸ ਦਾ ਪੁੱਤਰ ਹਾਲੇ ਜਿਊਂਦਾ ਹੈ, ਅਤੇ ਪੁੱਛਿਆ :
"ਤੁਸੀਂ ਗੱਲਾਂ ਅਵਾਰ ਬੋਲੀ ਵਿੱਚ ਕੀਤੀਆਂ ?"
"ਨਹੀਂ, ਅਸੀਂ ਦੋਭਾਸ਼ੀਏ ਰਾਹੀਂ ਗੱਲਾਂ ਕੀਤੀਆਂ, ਮੈਂ ਰੂਸੀ ਬੋਲਦਾ ਸੀ ਤੇ ਉਹ ਫ੍ਰੈਂਚ|"
ਮਾਂ ਨੇ ਆਪਣਾ ਮੂੰਹ ਕਾਲੇ ਘੁੰਡ ਨਾਲ ਢਕ ਲਿਆ, ਦਾਗ਼ਿਸਤਾਨੀ ਔਰਤ ਆਪਣੇ ਪੁੱਤਰ ਦੇ ਮਰਨ 'ਤੇ ਅਜਿਹਾ ਕਰਦੀ ਹੈ।
# ਕੁਝ ਲੋਕੀਂ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿੱਚ ਵਿਚਾਰਾਂ ਦੀ ਭੀੜ ਉਹਨਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ, ਸਗੋਂ ਇਸ ਲਈ ਕਿ ਉਹਨਾਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ।
ਕੁੱਝ ਹੋਰ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਲਾਂ ਵਿੱਚ ਡੂੰਘੇ ਜ਼ਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.....। ਖ਼ੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਅਚਾਨਕ ਕਿਉਂ ਕਵਿਤਾ ਲਿਖਣ ਲੱਗ ਪੈਂਦੇ ਹਨ। ਉਹਨਾਂ ਦੀਆਂ ਤੁਕਾਂ ਸੁੱਕੇ ਅਖਰੋਟ ਵਾਂਗ ਹੁੰਦੀਆਂ ਹਨ ਜਿਹੜੇ ਅਣਰੰਗੀ ਭੇਡ ਦੀ ਖੱਲ ਦੇ ਬਣੇ ਝੋਲੇ ਵਿੱਚ ਖੜ-ਖੜ ਕਰਦੇ ਹੋਣ।
# ਜੇ ਤੁਸੀਂ ਭੱਜੇ ਜਾਂਦੇ ਸਾਨ੍ਹ ਨੂੰ ਸਿੰਙਾਂ ਤੋਂ ਫੜ੍ਹ ਕੇ ਨਹੀਂ ਰੋਕ ਸਕਦੇ ਤਾਂ ਪੂਛ ਫੜ੍ਹ ਕੇ ਵੀ ਨਹੀਂ ਰੋਕ ਸਕਦੇ।
# ਕੁਝ ਲੋਕ ਐਸੇ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫਸੋਸੀਆਂ ਯਾਦਾਂ ਰੱਖਦੇ ਹਨ। ਇਸ ਤਰਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿੱਖ ਬਾਰੇ ਵੀ ਇਸੇ ਤਰਾਂ ਦੇ ਗ਼ਮਗੀਨ ਖਿਆਲ ਹੁੰਦੇ ਹਨ।
ਕੁਝ ਲੋਕ ਹੁੰਦੇ ਹਨ ਜਿਹੜੇ ਬੀਤੇ ਬਾਰੇ ਰੋਸ਼ਨ, ਧੁਪਹਿਲੀਆਂ ਯਾਦਾਂ ਰਖਦੇ ਹਨ। ਉਹਨਾਂ ਦੇ ਚਿੰਤਨ ਵਿਚ ਵਰਤਮਾਨ ਤੇ ਭਵਿੱਖ ਵੀ ਰੋਸ਼ਨ ਹੈ।
ਤੀਜੀ ਤਰਾਂ ਦੇ ਲੋਕ ਉਹ ਹੁੰਦੇ ਹਨ ਜਿਨਾਂ ਦੀਆਂ ਯਾਦਾਂ ਵਿਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਹੁੰਦੀ ਹੈ, ਛਾਂ ਵੀ। ਵਰਤਮਾਨ ਤੇ ਭਵਿੱਖ ਬਾਰੇ ਉਹਨਾਂ ਦੇ ਵਿਚਾਰਾਂ ਵਿਚ ਵੀ ਵਨ- ਸੁਵੰਨੇ ਭਾਵ, ਖਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ।
ਮੈਂ ਤੀਜੀ ਤਰਾਂ ਦੇ ਲੋਕਾ ਵਿਚੋਂ ਹਾਂ।
Comments
Post a Comment